ਨੌਜਵਾਨਾਂ ਦੇ ਉਸਤਾਦ

ਭਗਤ ਸਿੰਘ ਦੇ ਨਾਂ ਖੁੱਲ੍ਹਾ ਖਤ

ਮੇਰੇ ਵੀਰ ਭਗਤ ਸਿੰਘ ਮੇਰੀ ਦੁਆ ਸਲਾਮ ਪ੍ਰਵਾਨ ਕਰਨੀ। ਕਿੰਨਾ ਖੁਸ਼ੀਆਂ ਵਾਲਾ ਦਿਨ ਹੋਵੇਗਾ ਕਿ ਜਿਸ ਦਿਨ29ਸਤੰਬਰ 1907ਨੂੰ ਸ੍ਰ. ਕਿਸ਼ਨ ਸਿੰਘ ਦੇ ਘਰ ਆਪ ਨੇ ਜਨਮ ਲਿਆ ਅਤੇ ਚਾਚਾ ਅਜੀਤ ਸਿੰਘ ਵਰਗਿਆਂ ਦੀ ਸੰਗਤ ਵੱਡਾ ਹੋਇਆ। 20ਵੀਂ ਸਦੀ ਦੇ ਮੁਢਲੇ ਵਰ੍ਹਿਆਂ ਵਿਚ ਜਦੋਂ ਮੇਰੇ ਵੀਰ ਭਗਤ ਸਿੰਘ ਨੇ ਜਨਮ ਲਿਆ ਉਸ ਸਮੇਂ ਦੁਨੀਆ ਇਕ ਕਰਵਟ ਲੈ ਰਹੀ ਸੀ। ਇਸ ਕਿਸਮ ਦੇ ਆਲੇ ਦੁਆਲੇ ਵਿਚ ਨੌਜਵਾਨ ਵਿਕਸਿਤ ਹੋ ਰਹੇ ਸਨ ਜਿਨ੍ਹਾਂ ਨੂੰ ਘਰ ਪਰਿਵਾਰ ਅਤੇ ਸਮਾਜ ਤੋਂ ਇਕ ਸਮਾਜਿਕ ਸੋਝੀ ਵੀ ਮਿਲਦੀ ਸੀ। ਬਹੁਤ ਘਟ ਸਹੂਲਤਾਂ ਸਨ, ਬਹੁਤ ਤੰਗੀਆਂ ਤਰੁਟੀਆਂ ਸਨ, ਆਰਥਿਕ ਵਿਕਾਸ ਨਾਮਾਤਰ ਹੀ ਸੀ। ਪ੍ਰੰਤੂ ਸਮਝ, ਸੋਚ ਅਤੇ ਕੁਝ ਕਰਨ ਦੀ ਤਮੰਨਾ ਬੜੀ ਵੱਡੀ ਸੀ। ਮੇਰੇ ਵੀਰ ਭਗਤ ਸਿੰਘ ਦਾ ਉਸਤਾਦ ਕਰਤਾਰ ਸਿੰਘ ਸਰਾਭਾ ਵੀ ਬੜਾ ਲਾਇਕ ਅਤੇ ਚੰਗੀ ਸੋਝੀ ਵਾਲਾ ਨੌਜਵਾਨ ਸੀ। ਬੰਗਾਲੀ ਤਾਂ ਪਹਿਲਾਂ ਹੀ ਮੰਨੇ ਜਾਂਦੇ ਰਹੇ ਹਨ ਕਿ ਉਨ੍ਹਾਂ ਨੂੰ ਤਾਂ ਸੋਝੀ ਹੀ ਸਮਾਜ ਮਸਲਿਆਂ ਨੂੰ ਸਮਝਣ ਅਤੇ ਕੁਝ ਕਰਨ ਲਈ ਪ੍ਰੇਰਣ ਵਾਲੀ ਸ਼ਕਤੀ ਉਨ੍ਹਾਂ ਦੇ ਸ਼ਾਇਦ ਖੂਨ ਵਿਚੋਂ ਹੀ ਮਿਲਦੀ ਹੈ। ਦਰਜਨਾਂ ਨਾਂ ਅਜਿਹੇ ਗਿਣਾਇਆ ਜਾ ਸਕਦੇ ਹਨ ਜਿਨ੍ਹਾਂ ਦਾ ਭਗਤ ਸਿੰਘ ਹੋਣਾ ਨਾਲ ਸੰਪਰਕ ਰਿਹਾ ਅਤੇ ਜਿਨ੍ਹਾਂ ਨੇ ਮੇਰੇ ਵੀਰਾਂ ਨੂੰ ਬੌਧਿਕ ਪੱਧਰ ਦੀ ਸੋਝੀ ਵਿਕਸਿਤ ਕਰਨ ਵਿਚ ਯੋਗਦਾਨ ਪਾਇਆ। ਮੇਰਾ ਵੀਰ ਭਗਤ ਸਿੰਘ ਸਮਾਜ ਨੂੰ ਉਸ ਸਮੇਂ ਹੀ ਜਮਾਤਾਂ ਦੇ ਤੌਰ ‘ਤੇ ਸਮਝਣ ਲੱਗ ਪਿਆ ਸੀ। ਜਮਾਤੀ ਸਮਾਜ ਦੀ ਸੋਝੀ ਮੇਰੇ ਵੀਰ ਦੀਆਂ ਲਿਖਤਾਂ ਵਿਚੋਂ ਮਿਲਦੀ ਹੈ ਅਤੇ ਮੈਂ ਕਈ ਵਾਰੀ ਸੋਚਦੀ ਹਾਂ ਕਿ 23ਮਾਰਚ 1931ਨੂੰ ਜੇ ਮੇਰੇ ਵੀਰ ਨੂੰ ਫਾਂਸੀ ਨਾ ਲਗਦੀ ਸ਼ਾਇਦ ਬੌਧਿਕ ਪੱਧਰ ਦਾ ਨਕਸ਼ਾ ਪੰਜਾਬ ਦੀ ਜਵਾਨੀ ਲਈ ਹੋਰ ਹੀ ਹੁੰਦਾ ਕਿਉਂਕਿ ਬਹੁਤ ਵੱਡਾ ਬੌਧਿਕ ਸੋਝੀ ਵਾਲਾ ਸਰਮਾਇਆ ਭਗਤ ਸਿੰਘ ਵਿਚ ਉਸ ਉਮਰ ਵਿਚ ਸੀ। ਹੌਲੀ ਹੌਲੀ ਇਸ ਬੌਧਿਕ ਸਰਮਾਏ ਨੇ ਵਿਕਸਿਤ ਹੋ ਕੇ ਸਮਾਜ ਨੂੰ ਸਮਝਣ ਅਤੇ ਤਬਦੀਲ ਕਰਨ ਵਾਲੇ ਹਿੱਸੇ ਵਿਚ ਨਵੀਂ ਮੁੱਲਵਾਨ ਸੋਚ ਉਤਪੰਨ ਕਰਨੀ ਸੀ। ਚਲੋ ਜੋ ਹੋਣਾ ਸੀ ਹੋ ਗਿਆ ਪ੍ਰੰਤੂ ਜਿਸ ਕਿਸਮ ਨਾਲ ਮੇਰੇ ਵੀਰ ਭਗਤ ਸਿੰਘ ਦੀ ਸੋਚ ਅਤੇ ਸਮਝ ਨੂੰ ਟੁਕੜਿਆਂ ਵਿਚ ਵੰਡਿਆ ਅਤੇ ਸਮਝਿਆ ਜਾ ਰਿਹਾ ਹੈ ਉਹ ਮੇਰੇ ਲਈ ਬੜਾ ਚਿੰਤਾ ਦਾ ਵਿਸ਼ਾ ਹੈ। ਕਿਸੇ ਨੇ ਭਗਤ ਸਿੰਘ ਨੂੰ ਨਾਸਤਿਕਤਾ ਤੱਕ ਸੰਘੇੜਕੇ ਉਸ ਨੂੰ ਸਿਰਫ਼ ਨਾਸਤਿਕਤਾ ਦੇ ਹੱਕ ਵਿਚ ਭੁਗਤਣ ਵਾਲਾ ਭਗਤ ਸਿੰਘ ਬਣਾ ਕੇ ਪੇਸ਼ ਕਰ ਦਿੱਤਾ। ਕਿਸੇ ਨੇ ਰਾਸ਼ਟਰ ਦਾ ਮਾਣ ਰੱਖਣ ਵਾਲਾ ਕੌਮੀ ਹੀਰੋ ਬਣਾ ਕੇ ਪੇਸ਼ ਕਰ ਦਿੱਤਾ ਅਤੇ ਦੇਸ਼ ਦੀ ਰੱਖਿਆ ਲਈ ਭਗਤ ਸਿੰਘ ਨੂੰ ਆਪਣਾ ਬਣਾ ਕੇ ਖੜ੍ਹਾ ਕਰ ਲਿਆ। ਕਿਸੇ ਨੇ ਭਗਤ ਸਿੰਘ ਨੂੰ ਆਪਣੀ ਜਗੀਰੂ ਕਿਸਮ ਦੀ ਸੋਚ ਵਾਂਗ ਆਪਣੇ ਮੁੱਛ ਦਾ ਹਿੱਸਾ ਬਣਾ ਕੇ ਆਪਣੇ ਨਾਲ ਭਗਤ ਸਿੰਘ ਨੂੰ ਜੋੜ ਲਿਆ। ਕਿਸੇ ਨੇ ਆਪਣੇ ਭਾਈਚਾਰੇ ਦਾ ਭਾਈ ਬਣਾ ਕੇ ਆਪਣੇ ਨਾਲ ਜਾਤੀ ਪੱਧਰ ‘ਤੇ ਜੋੜ ਲਿਆ। ਰਹਿੰਦੀ-ਖੂੰਹਦੀ ਕਸਰ ਕਿਸੇ ਨੇ ਉਸ ਸਮੇਂ ਵਾਪਰੀਆਂ ਘਟਨਾਵਾਂ ਜੇਲ੍ਹ ਦੇ ਅੰਦਰ ਅਤੇ ਜੇਲ੍ਹ ਤੋਂ ਪਹਿਲਾਂ ਨੂੰ ਆਧਾਰ ਬਣਾ ਕੇ ਧਰਮੀ ਅਤੇ ਅਧਰਮੀ ਦੇ ਪਾੜੇ ਵਿਚ ਭਗਤ ਸਿੰਘ ਨੂੰ ਸ਼ਾਮਲ ਕਰ ਲਿਆ। ਇਸ ਤਰ੍ਹਾਂ ਭਗਤ ਸਿੰਘ ਦੀ ਅਸਲ ਰੂਹ ਨੂੰ ਖਾਰਜ ਕਰਕੇ ਉਸ ਨੂੰ ਆਪਣੀ ਸੋਚ ਅਨੁਸਾਰ ਜਿੰਨਾ ਕੁ ਕਿਸੇ ਨੂੰ ਭਗਤ ਸਿੰਘ ਕੰਮ ਦਿੰਦਾ ਹੈ ਉਸ ਤਰ੍ਹਾਂ ਨੂੰ ਉਹ ਵਰਤ ਲੈਂਦਾ ਹੈ ਪਰ ਮੇਰੇ ਲਈ ਮੇਰਾ ਭਗਤ ਸਿੰਘ ਇਕ ਅਲੱਗ ਕਿਸਮ ਦਾ ਇਨਸਾਨ ਹੈ ਜਿਸ ਦੇ ਸੋਚਣ ਢੰਗ ਵਿਚੋਂ ਮੈਂ ਬੜਾ ਕੁਝ ਸਿੱਖ ਰਹੀ ਹਾਂ ਜਾਂ ਸਿੱਖਿਆ ਹੈ। ਭਗਤ ਸਿੰਘ ਰਾਜਨੀਤੀ ਦੇ ਹਰੇਕ ਘਟਨਾਕ੍ਰਮ ਨੂੰ ਅਤੇ ਸਮਾਜ ਅੰਦਰ ਹਰ ਕਿਸਮ ਦੇ ਜਾਤੀ,ਧਾਰਮਿਕ ਅਤੇ ਆਰਥਿਕ ਵਿਰੋਧਤਾਈਆਂ ਕਾਰਨ ਉਤਪੰਨ ਹੋ ਰਹੇ ਟਕਰਾਵਾਂ ਨੂੰ ਇਕ ਸਹੀ ਸੋਝੀ ਦੇ ਤੌਰ ‘ਤੇ ਵਿਕਸਿਤ ਕਰਦਾ ਹੈ ਭਗਤ ਸਿੰਘ ਦੀ ਹਰੇਕ ਲਿਖਤ ਇਕ ਅਜਿਹਾ ਸਥਿਤੀਆਂ ਦਾ ਮਾਹੌਲ ਸਿਰਜਦੀ ਹੈ ਅਤੇ ਸਮਝ ਪ੍ਰਦਾਨ ਕਰਦੀ ਹੈ ਜਿਸ ਰਾਹੀਂ ਅੱਜ ਦੇ ਸਮਾਜ ਨੂੰ ਸਮਝਣ ਦਾ ਢੰਗ ਵੀ ਵਿਕਸਿਤ ਕਰਨ ਵਿਚ ਯੋਗਦਾਨ ਪਾਉਂਦੀ ਹੈ।
ਮੇਰਾ ਵੀਰ ਭਗਤ ਸਿੰਘ ਜੋ ਨੌਜਵਾਨਾਂ ਲਈ ਇਕ ਸੋਝੀ ਪ੍ਰਦਾਨ ਕਰਦਾ ਹੈ ਉਹ ਸ਼ਾਇਦ ਅਜੋਕੇ ਨੌਜਵਾਨ ਹਾਸਲ ਹੀ ਨਹੀਂ ਕਰ ਰਹੇ। ਸਿਰਫ਼ ਭਗਤ ਸਿੰਘ ਦੇ ਨਾਂ ‘ਤੇ ਗੱਲ ਕਰਨੀ ਉਸ ਨੂੰ ਯਾਦ ਕਰਨਾ ਅਤੇ ਉਸ ਪ੍ਰਤੀ ਸ਼ਰਧਾ ਅਰਪਿਤ ਕਰਨਾ ਹੀ ਭਗਤ ਸਿੰਘ ਪ੍ਰਤੀ ਸੋਚ ਵਿਕਸਿਤ ਕਰਨ ਦਾ ਆਧਾਰ ਨਹੀਂ ਹੈ। ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ ਵੀਰ ਭਗਤ ਸਿੰਘ ਨੂੰ ਵਾਪਸ ਧਰਤੀ ‘ਤੇ ਬੁਲਾਵਾਂ ਅਤੇ ਕਹਾਂ ਕਿ ਇਹ ਨੇ ਤੇਰੇ ਨੌਜਵਾਨ ਜੋ ਪੂੰਜੀ ਦੇ ਵਹਾਅ ਨੇ ਸੋਚ ਅਤੇ ਸਮਝ ਦੇ ਪੱਧਰ ‘ਤੇ ਬੜੇ ਗਰੀਬ ਕਰ ਦਿੱਤੇ ਹਨ ਜਿਨ੍ਹਾਂ ਵਿਚ ਹੁਣ ਵਿਚਾਰਾਂ ਨੂੰ ਸਮਝਣ ਅਤੇ ਤਾਕਤਵਰ ਕਰਨ ਦੀ ਕੋਈ ਚਿੰਣਗ ਨਹੀਂ ਹੈ। ਜਿਹੜੇ ਸਿਰਫ਼ ਚੰਦ ਪਲਾਂ ਦੀਆਂ ਖਪਤੀ ਗੱਲਾਂ ਬਾਤਾਂ ਅਤੇ ਸ਼ੌਕਾਂ ਵਿਚ ਲੀਨ ਰਹਿੰਦੇ ਹਨ ਕਿਸੇ ਹੀਰ ਰਾਂਝੇ ਦੀ ਝੂਠੀ ਸੱਚੀ ਕਹਾਣੀ ਦੇ ਅੱਕੇ-ਥੱਕੇ ਆਪਣੇ ਆਪ ਨੂੰ ਸਦਾ ਦੀ ਨੀਂਦ ਸਲਾ ਲੈਂਦੇ ਹਨ। ਭਗਤ ਸਿੰਘ ਤੂੰ ਕਦੀ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਕਿ ਰੋਜ਼ਮਰਾ ਦੀਆਂ ਅਖਬਾਰਾਂ ਕਿੰਨੇ ਅਜਿਹੇ ਨੌਜਵਾਨਾਂ ਨੂੰ ਆਤਮ ਹੱਤਿਆਵਾਂ ਦੇ ਰੂਪ ਵਿਚ ਸਾਹਮਣੇ ਲਿਆ ਰਹੀਆਂ ਹਨ। ਜਿਹੜੇ ਜ਼ਿੰਦਗੀ ਦੇ ਹਾਲੇ ਬਹੁਤ ਹੀ ਮੁਢਲੇ ਪੜਾਵਾਂ ਵਿਚ ਹੁੰਦੇ ਹਨ ਜਿਨ੍ਹਾਂ ਨੇ ਅਜੇ ਆਪਣੀ ਜ਼ਿੰਦਗੀ ਦੀ ਪਹਿਲੀ ਪੌੜੀ ਵੀ ਨਹੀਂ ਚੜ੍ਹੀ ਹੁੰਦੀ ਆਪਣੇ ਆਪ ਨੂੰ ਅਲਵਿਦਾ ਕਹਿ ਲੈਂਦੇ ਹਨ। ਇਹ ਤਰਾਸਦੀਆਂ ਦੇਖ ਕੇ ਮੈਨੂੰ ਇੰਝ ਜਾਪਦਾ ਹੈ ਕਿ ਸ਼ਾਇਦ ਬੌਧਿਕ ਪੱਧਰ ‘ਤੇ ਨੌਜਵਾਨ ਬਹੁਤ ਗਰੀਬ ਹੋ ਗਏ ਹਨ। ਉਨ੍ਹਾਂ ਨੂੰ ਆਪਣੀ ਅਤੇ ਸਮਾਜ ਦੀ ਸਮਝਦਾਰੀ ਬਹੁਤ ਥੋੜ੍ਹੀ ਹੈ। ਉਹ ਹੁਣ ਚੰਦ ਪਲਾਂ ਤੱਕ ਸੋਚਦੇ ਹਨ ਅਤੇ ਉਸ ਅਨੁਸਾਰ ਫੈਸਲਾ ਲੈ ਲੈਂਦੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਸੰਦਰਭ ਵਿਚ ਜਦੋਂ ਮੈਂ ਤੇਰੀਆਂ ਲਿਖਤਾਂ ਨੂੰ ਵਾਚਦੀ ਹਾਂ ਜਿਨ੍ਹਾਂ ਵਿਚ ਤੂੰ ਦਰਜ ਕੀਤਾ ਸੀ ਕਿ ਅਜਿਹੇ ਦਰਜਨਾਂ ਸੈਂਕੜੇ ਨੌਜਵਾਨ ਚਾਹੀਦੇ ਹਨ ਜੋ ਗਰੀਬਾਂ ਦੀਆਂ ਝੁੰਗੀਆਂ ਵਿਚ ਆਪਣਾ ਜੀਵਨ ਬਸਰ ਕਰਨਗੇ ਅਤੇ ਉਨ੍ਹਾਂ ਦੀ ਬੌਧਿਕ ਪਕਿਆਈ ਕਰਨਗੇ ਅਤੇ ਉਨ੍ਹਾਂ ਨੂੰ ਇਕ ਨਰੋਏ ਸਮਾਜ ਦੀ ਚੇਟਕ ਲਾਉਣਗੇ ਪਰ ਮੇਰੇ ਵੀਰ ਭਗਤ ਸਿੰਘ ਇਥੇ ਤਾਂ ਸਭ ਉਲਟ ਪੁਲਟ ਹੋਇਆ ਪਿਆ ਹੈ। ਇਥੇ ਤਾਂ ਦੰਗੇ ਫਸਾਦ,ਚੋਰੀ ਡਾਕੇ ਅਤੇ ਜਾਅਲੀ ਡਿਗਰੀਆਂ ਨਾਲ ਉਲਝੇ ਅਤੇ ਫਸੇ ਪਏ ਨੌਜਵਾਨਾਂ ਦੇ ਪੂਰਾਂ ਦੇ ਪੂਰ ਵਿਕਸਿਤ ਹੋ ਰਹੇ ਹਨ। ਮੈਂ ਕਈ ਵਾਰੀ ਅਜਿਹੀ ਸਥਿਤੀ ਨੂੰ ਦੇਖ ਕੇ ਰਾਤ ਨੂੰ ਵੀ ਜਾਗ ਪੈਂਦੀ ਹਾਂ ਕਿ ਕੀ ਬਣੇਗਾ ਕਿ ਇਸ ਧਰਤੀ ਦਾ ਜਿਸ ਧਰਤੀ ਉਪਰ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਵਾਲੀ ਹਰ ਸ਼ੈਅ ਕਿਰਤ ਕਰਨ ਵਾਲਿਆਂ ਨੇ ਪੈਦਾ ਕੀਤੀ ਹੈ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਦੇ ਆਧਾਰਿਤ ਮਾਨਵੀ ਜੀਵਨ ਨੂੰ ਅਸਾਨ ਬਣਾ ਦਿੱਤਾ ਹੈ। ਇਹ ਤੇਰੇ ਸਮਿਆਂ ਵਿਚ ਨਹੀਂ ਸੀ ਹੁੰਦਾ। ਇਹ ਮੈਨੂੰ ਹੀ ਸੁਭਾਗ ਹਾਸਲ ਹੈ। ਮੈਂ ਫਿਰ ਵੀ ਹਕੀਕਤ ਨੂੰ ਸਮਝਦੀ ਹੋਈ ਇਕ ਗੱਲ ਤੇਰੇ ਨਾਲ ਕਰਨਾ ਚਾਹੁੰਦੀ ਹੈ ਕਿ ਤੇਰੇ ਵਰਗੀ ਸੋਝੀ ਅਤੇ ਲਿਆਕਤ ਇਕ ਦਿਨ ਨਾਲ ਨਹੀਂ ਆਉਂਦੀ ਇਸ ਵਿਚ ਕਿੰਨੇ ਹੀ ਕਿਸਮ ਦੀ ਦਿਮਾਗੀ ਕਸਰਤ ਕਰਨੀ ਪੈਂਦੀ ਹੈ। ਕਿਤਾਬਾਂ ਵਿਚੋਂ ਗੁਜ਼ਰਨਾ ਪੈਂਦਾ ਹੈ, ਮੁਲਕਾਂ ਦੀਆਂ ਕਹਾਣੀਆਂ ਪੜ੍ਹਨੀਆਂ ਪੈਂਦੀਆਂ ਹਨ ਅਤੇ ਬਗਾਵਤਾਂ ਨੂੰ ਸਮਝਣਾ ਪੈਂਦਾ ਹੈ ਇਸ ਸੋਝੀ ਵਿਚ ਤੂੰ ਸਾਡਾ ਉਸਤਾਦ ਸੀ ਜਿਸ ਨੇ ਛੋਟੀ ਉਮਰ ਵਿਚ ਹੀ ਦੂਰ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਆਪਣਾ ਹਿੱਸਾ ਬਣਾ ਲਿਆ ਸੀ। ਲਾਹੌਰ ਦੀ ਦੀਵਾਰਕਾ ਲਾਇਬ੍ਰੇਰੀ ਤੇਰਾ ਹਿੱਸਾ ਸੀ ਉਥੋਂ ਜਾਰੀ ਹੋਈਆਂ ਕਿਤਾਬਾਂ ਤੇਰਾ ਕੱਦ ਉਚਾ ਕਰਦੀਆਂ ਨੇ। ਉਨ੍ਹਾਂ ਸਮਿਆਂ ਨੂੰ ਯਾਦ ਕਰਾਉਂਦੀਆਂ ਨੇ ਕਿ ਜਦੋਂ ਵਕਤ ਮਾੜੇ ਹੋਣ ਉਸ ਸਮੇਂ ਹੌਸਲੇ ਨਹੀਂ ਗਿਰਾਈ ਦੇ ਬਲਕਿ ਉਹੀ ਤਾਂ ਸਮੇਂ ਹੁੰਦੇ ਹਨ ਜਿਨ੍ਹਾਂ ਵਿਚ ਇਨਸਾਨ ਅਤੇ ਹੈਵਾਨ ਦੀ ਪਰਖ ਹੁੰਦੀ ਹੈ। ਮੈਂ ਆਪਣੇ ਭਰਾ ਨਾਲ ਵਾਅਦਾ ਕਰਦੀ ਹਾਂ ਕਿ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਮਝ ਕੇ ਇਸ ਵਿਚ ਨਵਾਂ ਮੋੜ ਦੇਣ ਲਈ ਤੇਰੀ ਵਰਗੀ ਬੌਧਿਕ ਸ਼ਕਤੀ ਹਾਸਲ ਕਰਨ ਲਈ ਦੂਰ ਤੱਕ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵਾਂਗੀ ਅਤੇ ਜਿਥੋਂ ਤੱਕ ਮੇਰੀ ਸੋਚ ਅਤੇ ਮੇਰੀ ਕਲਮ ਜਾਂਦੀ ਹੋਈ ਉਥੇ ਤੱਕ ਮੈਂ ਇਸ ਨਾਲ ਵਾਰ ਕਰਾਂਗਾ। ਆਖਿਰ ਮੈਂ ਵੀ ਤਾਂ ਇਕ ਤੇਰੀ ਪ੍ਰੰਪਰਾ ਦੀ ਕੜੀ ਹਾਂ ਜੋ ਇਤਿਹਾਸ ਦੇ ਕਿਸੇ ਪੜਾਅ ‘ਤੇ ਖੜ੍ਹੀ ਹੈ।

– ਤੇਰੀ ਭੈਣ